Skip to product information
1 of 1

Khari Kitab

70% Prem katha

70% Prem katha

Regular price $18.00
Regular price Sale price $18.00
Sale Sold out
Shipping calculated at checkout.
Quantity

ਜਸਵੀਰ ਰਾਣਾ ਵੱਖਰੀ ਕਤਾਰ ਦਾ ਲੇਖਕ ਹੈ। ਉਸਦਾ ਨਾਵਲ " 70% ਪ੍ਰੇਮ ਕਥਾ " ਸਵੈਜੀਵਨੀ ਮੂਲਕ ਨਾਵਲੀ ਵਿਧਾ ਵਿੱਚ ਅਹਿਮ ਵਾਧਾ ਹੈ। ਉਸਦੀ ਇਹ ਰਚਨਾ ਜੀਵਨ ਅਤੇ ਸਵੈ ਜੀਵਨ ਦੇ ਅੰਤਰ ਵਿਰੋਧਾਂ, ਸੰਘਰਸ਼ਾਂ, ਮਨੋਭਾਵਾਂ ਸਮੇਤ ਸੁਪਨਿਆਂ ਅਤੇ ਹਕੀਕਤਾਂ ਵਿੱਚ ਉਪਜਦੀ ਬਿਨਸਦੀ ਮਨੁੱਖੀ ਹੋਂਦ ਦੀ ਅਲੌਕਿਕ ਆਭਾ ਵਾਲਾ ਬਿਰਤਾਂਤ ਹੈ। ਰਾਣਾ ਦੇ ਇਸ ਨਾਵਲ ਵਿੱਚ ਜਾਦੁਈ ਯਥਾਰਥ ਅਤੇ ਫੈਂਟਸੀ ਦੇ ਸੁਮੇਲ ਨਾਲ ਜੁੜੀ ਦਾਰਸ਼ਨਿਕਤਾ ਕੇਂਦਰ ਵਿੱਚ ਹੈ। ਨਾਵਲਕਾਰ ਆਪਣੇ ਪਿਤਾ ਅਤੇ ਮਾਤਾ ਦੇ ਸ਼ਬਦ ਚਿੱਤਰਾਂ ਵਰਗੇ ਬਿਰਤਾਂਤ ਉਸਾਰ ਕੇ ਪੁਰਖਿਆਂ ਨਾਲ ਸੰਵਾਦ ਦੀ ਲੰਮੀ ਲੜੀ ਉਸਾਰਦਾ ਹੈ। ਇਕ ਫੌਜੀ ਪਿਤਾ ਦਾ ਸਮਾਜਿਕ ਅਤੇ ਰਿਸ਼ਤਾਗਤ ਪੱਧਰ 'ਤੇ ਬੇਗਾਨਗੀ ਤੇ ਉਪਰਾਮਤਾ ਭਰਿਆ ਜੀਵਨ ਰੂਪਮਾਨ ਕਰਦਿਆਂ ਲੇਖਕ ਨੇ ਰਿਸ਼ਤਾ ਨਾਤਾ ਪ੍ਰਣਾਲੀ ਦੀਆਂ ਵਿੱਥਾਂ ਵਿੱਚ ਸਹਿਕਦੀਆਂ ਤਰਲ ਭਾਵੀ ਮਾਨਵੀ ਭਾਵਨਾਵਾਂ ਦੀ ਪ੍ਰਤੀਕਮਈ ਪੇਸ਼ਕਾਰੀ ਕੀਤੀ ਹੈ। ਮਾਂ ਨਾਲ ਜੈਵਿਕ ਰਿਸ਼ਤੇ ਦੇ ਸਮਾਨਅੰਤਰ ਇਕ ਸੰਸਥਾ ਵਾਲੀ ਸਾਂਝ ਪੇਸ਼ ਕਰਦਿਆਂ ਨਾਵਲ ਵਿੱਚ ਸਧਾਰਨ ਦਿਸਦੀਆਂ ਘਟਨਾਵਾਂ ਪਿਛਲੀ ਦਾਰਸ਼ਨਿਕ ਅਤੇ ਅਲੌਕਿਕ ਰੰਗਤ ਪਾਠਕਾਂ ਨੂੰ ਸੰਮੋਹਿਤ ਕਰਦੀ ਹੈ। ਇਸ ਨਾਵਲ ਵਿੱਚ ਮੌਤ ਚਿੰਤਨ ਦੇ ਅਨੇਕਾਂ ਪਾਸਾਰ ਹਨ। ਮੌਤ ਚਿੰਤਨ ਨਾਲ ਜੁੜੀ ਦਾਰਸ਼ਨਿਕਤਾ ਨੂੰ ਲੇਖਕ ਨੇ ਪਾਣੀ ਦੇ ਸਮਾਨਅੰਤਰ ਮਾਨਵੀ ਦੇਹ ਵਿੱਚ 70% ਪਾਣੀ ਦੇ ਮੈਟਾਫਰ ਤੋਂ ਰਿਸ਼ਤਿਆਂ ਦੇ ਜਲ ਪ੍ਰਵਾਹ ਤੱਕ ਦੀ ਅੰਤਿਮ ਯਾਤਰਾ ਤੱਕ ਕਈ ਪ੍ਰਸੰਗਾਂ ਵਿੱਚ ਵਰਤਿਆ ਹੈ। ਲੇਖਕ ਗੁਰਮਤਿ ਦਰਸ਼ਨ ਵਿੱਚ " ਪਵਨ ਗੁਰੂ ਪਾਣੀ ਪਿਤਾ " ਦੇ ਅਰਥਾਂ ਦੇ ਪ੍ਰਸੰਗ ਵਿੱਚ ਮਾਨਵੀ ਹੋਂਦ ਵਿੱਚ ਉਸਦੇ ਪਿਤਾ ਰਾਹੀਂ ਪੁਰਖਿਆਂ ਦੀ ਜੈਨਟਿਕ ਹੋਂਦ ਦਾ ਸਵਾਲ ਉਠਾਉਂਦਾ ਹੈ। ਉਹ ਇਸ ਸਵਾਲ ਦੀ ਸਾਰਥਿਕਤਾ ਲਈ ਜਿੱਥੇ ਪਾਣੀ ਦੇ ਮੈਟਾਫਰ ਨੂੰ ਨਾਵਲ ਅੰਦਰ ਬਹੁਅਰਥੀ ਘੇਰਿਆਂ ਵਿੱਚ ਵਰਤਦਾ ਹੈ, ਉੱਥੇ ਹੀ ਪੂਰੇ ਨਾਵਲ ਵਿੱਚ ਪੁਰਖਿਆਂ ਨਾਲ ਗੰਭੀਰ ਵਿਚਾਰ ਵਿਮਰਸ਼ ਦੀ ਮੁਦਰਾ ਵਿੱਚ ਵੀ ਰਹਿੰਦਾ ਹੈ। ਨਾਵਲ ਦੀ ਵਿਸ਼ੇਸ਼ਤਾ ਸਵੈਜੀਵਨੀ ਮੂਲਕ ਨਾਵਲਾਂ ਵਿਚਲੀ ਸਵੈ ਗਲੋਰੀਫਿਕੇਸ਼ਨ ਤੋਂ ਪਰੇ ਰਹਿਣ ਅਤੇ ਚਲੰਤ ਘਟਨਾਵਾਂ ਪਿਛਲੇ ਰਹੱਸ ਨੂੰ ਸਿਰਜਣ ਵਿੱਚ ਹੈ। ਜਸਵੀਰ ਰਾਣਾ ਨੇ ਪੰਜਾਬੀ ਬਿਰਤਾਂਤਕਾਰੀ ਵਿੱਚ ਮੌਤ, ਦਹਿਸ਼ਤ, ਸਦਮੇ ਅਤੇ ਮਨੁੱਖੀ ਹੋਂਦ ਦੇ ਵਿਸਥਾਪਨ ਦੇ ਪ੍ਰਗਟਾਵੇ ਲਈ ਲੋਕਧਾਰਾਈ ਚਿੰਤਨ ਨਾਲ ਭਰੀ ਵਿਸਫੋਟਕ ਭਾਸ਼ਾ ਇਜ਼ਾਦ ਕੀਤੀ ਹੈ। ਇਸ ਭਾਸ਼ਾ ਦਾ ਤਲਿਸਮੀ ਤੇ ਤੇਜੱਸਵੀ ਸੰਸਾਰ ਦਿਸਣਹਾਰ ਤੇ ਸਪਾਟ ਯਥਾਰਥ ਤੋਂ ਪਾਰ ਦੀ ਗੱਲ ਹੈ ਜੋ ਇਸ ਨਾਵਲ ਵਿੱਚ ਮੁੱਖ ਬਿਰਤਾਂਤਕਾਰ ਦੇ ਮਾਨਸਿਕ ਘੋਲਾਂ, ਦਵੰਧਾਂ ਅਤੇ ਦੁਬਿਧਾਵਾਂ ਵਿੱਚੋਂ ਸਾਫ਼ ਝਲਕਦੀ ਹੈ।

View full details